Ezra 3

1ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪੋ ਆਪਣੇ ਨਗਰਾਂ ਵਿੱਚ ਵੱਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ । 2ਤਦ ਯੇਸ਼ੂਆ, ਯੋਸਾਦਾਕ ਦਾ ਪੁੱਤਰ ਆਪਣੇ ਜਾਜਕ ਭਰਾਵਾਂ ਦੇ ਨਾਲ ਅਤੇ ਸ਼ਅਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਉਸ ਦੇ ਭਰਾ ਉੱਠ ਖਲੋਤੇ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਜਗਵੇਦੀ ਨੂੰ ਬਣਾਇਆ ਤਾਂ ਜੋ ਉਸ ਦੇ ਉੱਤੇ ਹੋਮ ਬਲੀਆਂ ਚੜ੍ਹਾਉਣ ਜਿਸ ਤਰ੍ਹਾਂ ਪਰਮੇਸ਼ੁਰ ਦੇ ਦਾਸ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਸੀ ।

3ਤਦ ਉਨ੍ਹਾਂ ਨੇ ਜਗਵੇਦੀ ਨੂੰ ਉਸ ਦੇ ਸਥਾਨ ਉੱਤੇ ਬਣਾਇਆ ਕਿਉਂ ਜੋ ਉਨ੍ਹਾਂ ਨੂੰ ਆਪਣੇ ਆਲੇ ਦੁਆਲੇ ਦੇ ਦੇਸ਼ਾਂ ਦੇ ਲੋਕਾਂ ਦਾ ਡਰ ਸੀ ਅਤੇ ਉਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਅਤੇ ਸ਼ਾਮ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ । 4ਅਤੇ ਉਨ੍ਹਾਂ ਨੇ ਬਿਵਸਥਾ ਵਿੱਚ ਲਿਖੇ ਅਨੁਸਾਰ ਡੇਰਿਆਂ ਦਾ ਪਰਬ ਮਨਾਇਆ ਅਤੇ ਹਰ ਰੋਜ਼ ਦੀਆਂ ਹੋਮ ਬਲੀਆਂ, ਇੱਕ-ਇੱਕ ਦਿਨ ਦੀ ਗਿਣਤੀ ਅਤੇ ਹੁਕਮਨਾਮੇ ਦੇ ਅਨੁਸਾਰ ਚੜ੍ਹਾਈਆਂ । 5ਇਸ ਤੋਂ ਬਾਦ ਸਦਾ ਦੀ ਹੋਮ ਬਲੀ ਅਤੇ ਮੱਸਿਆ ਅਤੇ ਯਹੋਵਾਹ ਦੇ ਸਾਰੇ ਠਹਿਰਾਏ ਹੋਏ ਤਿਉਹਾਰਾਂ ਅਤੇ ਪਵਿੱਤਰ ਕੀਤੀਆਂ ਵਸਤੂਆਂ ਦੀਆਂ ਭੇਟਾਂ ਚੜ੍ਹਾਈਆਂ ਅਤੇ ਹਰ ਪੁਰਸ਼ ਦੀ ਖੁਸ਼ੀ ਦੀ ਭੇਟ ਜੋ ਉਹ ਆਪਣੀ ਖੁਸ਼ੀ ਨਾਲ ਯਹੋਵਾਹ ਨੂੰ ਚੜ੍ਹਾਉਂਦਾ ਸੀ ।

6ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੋਂ, ਉਹ ਯਹੋਵਾਹ ਨੂੰ ਹੋਮ ਬਲੀਆਂ ਚੜ੍ਹਾਉਣ ਲੱਗੇ ਪਰ ਯਹੋਵਾਹ ਦੇ ਭਵਨ ਦੀ ਨੀਂਹ ਹੁਣ ਤੱਕ ਨਹੀਂ ਰੱਖੀ ਗਈ ਸੀ । 7ਅਤੇ ਉਨ੍ਹਾਂ ਨੇ ਰਾਜ-ਮਿਸਤਰੀਆਂ ਅਤੇ ਤਰਖਾਣਾਂ ਨੂੰ ਰੁਪਿਆ ਦਿੱਤਾ ਅਤੇ ਸੀਦੋਨੀਆਂ ਤੇ ਸੂਰੀਆਂ ਨੂੰ ਖਾਣ ਪੀਣ ਦੀਆਂ ਵਸਤੂਆਂ ਅਤੇ ਤੇਲ ਦਿੱਤਾ, ਤਾਂ ਜੋ ਉਹ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿੱਤੇ ਹੋਏ ਪੱਤਰ ਅਨੁਸਾਰ ਲਬਾਨੋਨ ਤੋਂ ਦਿਆਰ ਦੀ ਲੱਕੜੀ, ਸਮੁੰਦਰ ਦੇ ਰਾਹ ਤੋਂ ਯਾਫਾ ਨੂੰ ਲਿਆਉਣ ।

8ਤਦ ਉਹਨਾਂ ਦੇ ਪਰਮੇਸ਼ੁਰ ਦੇ ਭਵਨ ਵਿੱਚ ਜੋ ਯਰੂਸ਼ਲਮ ਵਿੱਚ ਹੈ, ਪਹੁੰਚਣ ਤੋਂ ਬਾਅਦ, ਦੂਜੇ ਸਾਲ ਦੇ ਦੂਜੇ ਮਹੀਨੇ ਵਿੱਚ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਅਤੇ ਯੋਸਾਦਾਕ ਦੇ ਪੁੱਤਰ ਯੇਸ਼ੂਆ ਨੇ ਅਤੇ ਉਨ੍ਹਾਂ ਦੇ ਬਾਕੀ ਜਾਜਕ ਭਰਾਵਾਂ ਨੇ ਅਤੇ ਲੇਵੀਆਂ ਅਤੇ ਹੋਰ ਸਾਰੇ ਜੋ ਗ਼ੁਲਾਮੀ ਤੋਂ ਮੁੜ ਕੇ ਯਰੂਸ਼ਲਮ ਆਏ ਸਨ, ਕੰਮ ਸ਼ੁਰੂ ਕੀਤਾ ਅਤੇ ਲੇਵੀਆਂ ਨੂੰ ਜੋ ਵੀਹ ਸਾਲ ਦੇ ਜਾਂ ਉਸ ਤੋਂ ਉੱਪਰ ਦੇ ਸਨ ਪਰਮੇਸ਼ੁਰ ਦੇ ਭਵਨ ਦੇ ਕੰਮ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ । 9ਤਦ ਯੇਸ਼ੂਆ ਅਤੇ ਉਸ ਦੇ ਪੁੱਤਰ ਤੇ ਭਰਾ ਅਤੇ ਕਦਮੀਏਲ ਅਤੇ ਉਸ ਦੇ ਪੁੱਤਰ, ਜਿਹੜੇ ਯਹੂਦਾਹ ਦੇ ਵੰਸ਼ ਤੋਂ ਸਨ, ਅਤੇ ਹੇਨਾਦਾਦ ਦੇ ਪੁੱਤਰ ਤੇ ਭਰਾ ਵੀ ਜਿਹੜੇ ਲੇਵੀ ਸਨ, ਮਿਲ ਕੇ ਉੱਠੇ ਤਾਂ ਜੋ ਪਰਮੇਸ਼ੁਰ ਦੇ ਭਵਨ ਵਿੱਚ ਕਾਰੀਗਰਾਂ ਦੀ ਦੇਖਭਾਲ ਕਰਨ ।

10ਜਦੋਂ ਰਾਜ-ਮਿਸਤਰੀਆਂ ਨੇ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ, ਤਾਂ ਜਾਜਕ ਆਪਣੇ ਬਸਤਰ ਪਾ ਕੇ ਅਤੇ ਤੁਰ੍ਹੀਆਂ ਲੈ ਕੇ ਅਤੇ ਆਸਾਫ਼ ਦੇ ਵੰਸ਼ ਦੇ ਲੇਵੀ ਛੈਣੇ ਲੈ ਕੇ ਖੜੇ ਹੋਏ ਤਾਂ ਜੋ ਇਸਰਾਏਲ ਦੇ ਰਾਜਾ ਦਾਊਦ ਦੇ ਹੁਕਮ ਅਨੁਸਾਰ ਯਹੋਵਾਹ ਦੀ ਉਤਸਤ ਕਰਨ । 11ਅਤੇ ਉਹ ਯਹੋਵਾਹ ਦੀ ਉਤਸਤ ਅਤੇ ਧੰਨਵਾਦ ਇਹ ਕਹਿ ਕੇ ਕਰਨ ਲੱਗੇ, “ਉਹ ਭਲਾ ਹੈ, ਅਤੇ ਉਸ ਦੀ ਦਯਾ ਇਸਰਾਏਲ ਉੱਤੇ ਸਦੀਪਕ ਕਾਲ ਦੀ ਹੈ !” ਯਹੋਵਾਹ ਦੀ ਉਤਸਤ ਕਰਦੇ ਹੋਏ ਸਾਰੇ ਲੋਕ ਉੱਚੀ ਅਵਾਜ਼ ਵਿੱਚ ਲਲਕਾਰੇ, ਇਸ ਲਈ ਜੋ ਯਹੋਵਾਹ ਦੇ ਭਵਨ ਦੀ ਨੀਂਹ ਰੱਖੀ ਗਈ ਸੀ ।

12ਪਰੰਤੂ ਜਾਜਕਾਂ ਅਤੇ ਲੇਵੀਆਂ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਵਿੱਚੋਂ ਬਹੁਤ ਸਾਰੇ ਬਜ਼ੁਰਗ ਲੋਕ, ਜਿਨ੍ਹਾਂ ਨੇ ਪਹਿਲੇ ਭਵਨ ਨੂੰ ਵੇਖਿਆ ਸੀ, ਜਿਸ ਵੇਲੇ ਇਸ ਭਵਨ ਦੀ ਨੀਂਹ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਰੱਖੀ ਗਈ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਏ, ਅਤੇ ਬਹੁਤੇ ਅਨੰਦ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ । ਇਸ ਲਈ ਲੋਕ, ਅਨੰਦ ਦੀ ਲਲਕਾਰ, ਅਤੇ ਪਰਜਾ ਦੇ ਰੋਣ ਦੀ ਅਵਾਜ਼ ਵਿੱਚ ਫ਼ਰਕ ਨਾ ਕਰ ਸਕੇ, ਕਿਉਂ ਜੋ ਲੋਕ ਉੱਚੀ ਉੱਚੀ ਲਲਕਾਰਦੇ ਸਨ ਅਤੇ ਰੌਲਾ ਦੂਰ ਤੱਕ ਸੁਣਾਈ ਦਿੰਦਾ ਸੀ !

13

Copyright information for PanULB